ਇਹ ਹੋਰ ਕਾਮਰੇਡੀ ਝੂਠ ਦਾ ਪਰਦਾਫਾਸ਼: ਊਧਮ ਸਿੰਘ ਨੇ ਹੀਰ ਦੀ ਸੌਂਹ ਨਹੀਂ ਚੱਕੀ।
ਪਹਿਲਾਂ ਤਾਂ ਇਹ ਝੂਠ ਬੋਲਿਆ ਗਿਆ ਹੈ ਕਿ ਊਧਮ ਸਿੰਘ ਨੇ ਹੀਰ ਦੀ ਸੌਂਹ ਚੁੱਕੀ ਸੀ। ਹੁਣ ਗੱਲ ਇਹ ਆਉਂਦੀ ਹੈ ਕਿ ਜੇ ਊਧਮ ਸਿੰਘ ਨੇ ਹੀਰ ਦੀ ਸੌਂਹ ਨਹੀਂ ਚੁੱਕੀ ਤਾਂ ਇਹ ਗੱਲ ਕਿੱਥੋਂ ਆਈ?
ਇਸ ਗੱਲ ਦੀ ਜੜ੍ਹ ਵਿੱਚ ਇੱਕ ਅਜਿਹਾ ਰੁੱਕਾ (ਚਿੱਠੀ) ਹੈ ਜੋ ਊਧਮ ਸਿੰਘ ਨੇ ਕਥਿਤ ਤੌਰ ਤੇ ਲਿਖਿਆ ਅਤੇ ਜੇਲ੍ਹ ਵਿੱਚ ਹੀਰ ਮੰਗਵਾਈ। ਹਾਲਾਂ ਕਿ ਹੀਰ ਕਦੇ ਵੀ ਜੇਲ ਤੱਕ ਨਹੀਂ ਪਹੁੰਚੀ।
ਜਦੋਂ ਇੰਗਲੈਂਡ ਸਥਿਤ ਊਧਮ ਸਿੰਘ ਟਰੱਸਟ ਨੇ ਇਸ ਰੁੱਕੇ ਦੀ 1998 ਵਿੱਚ ਜਾਂਚ ਕਰਵਾਈ ਤਾਂ ਇਹ ਰੁੱਕਾ ਝੂਠਾ ਨਿਕਲਿਆ। ਫੋਰੈਂਸਿਕ ਜਾਂਚ ਕਰਨ ਵਾਲਿਆਂ ਨੇ ਇਸ ਰੁੱਕੇ ਉੱਤੇ ਊਧਮ ਸਿੰਘ ਦੇ ਹਸਤਾਖਰ ਨਕਲੀ ਸਾਬਤ ਕੀਤੇ।
ਚਲੋ ਆਪਾਂ ਇੱਕ ਮਿੰਟ ਵਾਸਤੇ ਮੰਨ ਵੀ ਲੈਂਦੇ ਹਾਂ ਕਿ ਜੋ ਫੋਰੈਂਸਿਕ ਰਿਪੋਰਟ ਇਸ ਰੁੱਕੇ ਬਾਰੇ ਪੇਸ਼ ਕੀਤੀ ਗਈ ਉਹ ਝੂਠੀ ਹੈ।
ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਰੁੱਕਾ ਕਿੱਥੋਂ ਆਇਆ।
ਇਹ ਰੁੱਕਾ ਸਭ ਤੋਂ ਪਹਿਲਾਂ ਜਨਤਕ ਜਾਣਕਾਰੀ ਵਿੱਚ 1973 ਵਿੱਚ ਆਇਆ ਜਦੋਂ ਸਾਬਕਾ ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਇਸ ਨੂੰ ਇੰਗਲੈਂਡ ਤੋਂ ਲੈ ਕੇ ਆਏ।
ਇਸ ਰੁੱਕੇ ਨੂੰ ਇਤਿਹਾਸਕਾਰ ਹਰੀਸ਼ ਪੁਰੀ ਨੇ ਆਪਣੀ ਕਿਤਾਬ ਵਿੱਚ 1974 ਵਿੱਚ ਛਾਪਿਆ ਜਿਹੜੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਛਾਪੀ ਗਈ।
ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨਵਤੇਜ ਸਿੰਘ ਹੁਰਾਂ ਨੇ ਆਪਣੀ ਊਧਮ ਸਿੰਘ ਬਾਰੇ ਲਿਖੀ ਕਿਤਾਬ ਵਿੱਚ ਇਸ ਨੂੰ 1998 ਵਿੱਚ ਛਾਪਿਆ। ਨਵਤੇਜ ਸਿੰਘ ਹੁਰਾਂ ਨੇ ਇਹ ਸਾਫ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਰੁੱਕੇ ਨੂੰ ਆਪਣੀ ਕਿਤਾਬ ਵਿੱਚ ਛਾਪਿਆ ਤਾਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਨਕਲੀ ਹੈ। ਹੁਣ ਨਵਤੇਜ ਸਿੰਘ ਵੀ ਇਸ ਰੁੱਕੇ ਨੂੰ ਨਕਲੀ ਮੰਨਦੇ ਹਨ।
ਹੁਣ ਦੇਖਦੇ ਹਾਂ ਕਿ ਇਸ ਰੁੱਕੇ ਵਿੱਚ ਲਿਖਿਆ ਕੀ ਹੈ। ਇਸ ਦੀ ਕਾਪੀ ਇਸ ਪੋਸਟ ਵਿੱਚ ਨੱਥੀ ਹੈ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਰੁੱਕੇ ਦੇ ਮੁੱਖ ਹਿੱਸੇ ਵਿੱਚ ਊਧਮ ਸਿੰਘ ਨੇ ਹੀਰ ਬਾਰੇ ਕੋਈ ਗੱਲ ਹੀ ਨਹੀਂ ਕੀਤੀ।
ਇਸ ਰੁੱਕੇ ਵਿੱਚ ਊਧਮ ਸਿੰਘ ਆਪਣੇ ਕਿਸੇ ਮਿੱਤਰ ਤੋਂ ਕਿਤਾਬਾਂ ਮੰਗਵਾ ਰਿਹਾ ਹੈ ਅਤੇ ਹਾਸਾ ਮਜ਼ਾਕ ਵੀ ਕਰ ਰਿਹਾ ਹੈ।
ਉਸ ਨੇ ਕਿਸੇ ਕਿਤਾਬ ਦਾ ਨਾਂ ਨਹੀਂ ਲਿਖਿਆ, ਉਸ ਨੇ ਸਿਰਫ ਇਹ ਕਿਹਾ ਹੈ ਕਿ ਮੈਨੂੰ ਕੁਝ ਕਿਤਾਬਾਂ ਭੇਜ ਦਿਓ ਅਤੇ ਤੁਹਾਡੀਆਂ ਕਿਤਾਬਾਂ ਵਾਪਸ ਵੀ ਮਿਲ ਜਾਣਗੀਆਂ।
ਹਲਕੀਆਂ ਫੁਲਕੀਆਂ ਗੱਲਾਂ ਕਰਦਾ ਉਧਮ ਸਿੰਘ ਇਹ ਰੁੱਕਾ ਖਤਮ ਕਰ ਦਿੰਦਾ ਹੈ।
ਪਰ ਰੁੱਕਾ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਹੇਠਾਂ ਪੀਟੀਓ ਲਿਖ ਕੇ ਲਿਖਣਾ ਸ਼ੁਰੂ ਕਰਦਾ ਹੈ।
ਇਸ ਤੋਂ ਬਾਅਦ ਉਹ ਚਾਰ ਪਾਲ਼ਾਂ (ਲਾਇਨਾ) ਹੋਰ ਅੰਗਰੇਜ਼ੀ ਦੀਆਂ ਲਿਖਦਾ ਹੈ ਜਿਸ ਵਿੱਚ ਹੀਰ ਦਾ ਜ਼ਿਕਰ ਕਰਦਾ ਹੈ।
ਤੁਸੀਂ ਖੁਦ ਵੇਖ ਸਕਦੇ ਹੋ ਕਿ ਇਨ੍ਹਾਂ ਪਾਲ਼ਾਂ ਦਾ ਕੋਈ ਸਪੱਸ਼ਟ ਮਤਲਬ ਨਹੀਂ ਨਿਕਲਦਾ।
ਰੁੱਕੇ ਦਾ ਮੁੱਖ ਭਾਗ ਬਹੁਤ ਹੀ ਚੰਗੀ ਅੰਗਰੇਜ਼ੀ ਵਿੱਚ ਲਿਖਿਆ ਗਿਆ ਹੈ। ਜਦੋਂ ਕਿ ਬਾਅਦ ਵਿੱਚ ਲਿਖੀਆਂ ਗਈਆਂ ਪਾਲ਼ਾਂ ਦੇ ਵਿੱਚ ਅੰਗਰੇਜ਼ੀ ਓਨੀ ਚੰਗੀ ਨਹੀਂ ਹੈ।
ਰੁੱਕੇ ਦੇ ਮੁੱਖ ਹਿੱਸੇ ਅਤੇ ਇਨ੍ਹਾਂ ਦੇ ਬਾਅਦ ਵਿੱਚ ਲਿਖੀਆਂ ਗਈਆਂ ਗੱਲਾਂ ਦੇ ਵਿੱਚ ਫਰਕ ਨੂੰ ਇੱਕ ਅੰਗਰੇਜ਼ੀ ਦਾ ਆਮ ਪਾਠਕ ਵੀ ਦੱਸ ਸਕਦਾ ਹੈ।
ਦੋਵਾਂ ਹਿੱਸਿਆਂ ਨੂੰ ਪੜ੍ਹ ਕੇ ਲੱਗਦਾ ਹੀ ਨਹੀਂ ਕਿ ਇਹ ਇੱਕ ਹੀ ਆਦਮੀ ਦੁਆਰਾ ਲਿਖੇ ਗਏ ਹਨ।
ਅੰਗਰੇਜ਼ੀ ਦੀ ਬਣਤਰ ਤੋਂ ਇਲਾਵਾ ਲਿਖਾਈ ਦੀ ਬਣਤਰ ਦੇ ਵਿੱਚ ਵੀ ਫ਼ਰਕ ਸਹਿਜੇ ਪਹਿਚਾਣਿਆ ਜਾ ਸਕਦਾ ਹੈ।
ਇਹ ਫਰਕ ਇੰਨਾ ਜਿਆਦਾ ਹੈ ਕਿ ਤੁਸੀਂ ਨੰਗੀ ਅੱਖ ਨਾਲ ਵੀ ਪਹਿਚਾਣ ਸਕਦੇ ਹੋ।
ਤੁਹਾਨੂੰ ਕਿਸੇ ਫੋਰੈਂਸਿਕ ਮਾਹਰ ਦੀ ਲੋੜ ਨਹੀਂ।
ਬਾਕੀ ਸਾਰੇ ਰੁੱਕਿਆਂ ਦੇ ਅੰਤ ਵਿੱਚ ਊਧਮ ਸਿੰਘ ‘ਮੁਹੰਮਦ ਸਿੰਘ ਆਜ਼ਾਦ’ ਦੇ ਨਾਮ ਹੇਠਾਂ ਹਸਤਾਖਰ ਕਰਦਾ ਹੈ।
ਜਦੋਂ ਕਿ ਇਸ ਰੁੱਕੇ ਦੇ ਅੰਤ ਵਿੱਚ ਊਧਮ ਸਿੰਘ ਨੇ ਸਿਰਫ MSA ਲਿਖਿਆ।
ਜੇ ਉਧਮ ਸਿੰਘ ਨੇ ਇਹ ਸੋਚ ਲਿਆ ਸੀ ਕਿ ਉਸ ਨੇ ਹੀਰ ਤੇ ਹੱਥ ਰੱਖ ਕੇ ਸੁੰਹ ਖਾਣੀ ਹੈ ਤਾਂ ਕਿ ਉਸਨੇ ਇਸ ਗੱਲ ਨੂੰ ਆਪਣੇ ਰੁੱਕੇ ਦੇ ਮੁੱਖ ਹਿੱਸੇ ਵਿੱਚ ਨਹੀਂ ਲਿਖਣਾ ਸੀ ?
ਜਦੋਂ ਤੁਸੀਂ ਏਡਾ ਵੱਡਾ ਫ਼ੈਸਲਾ ਲੈ ਲਿਆ ਕਿ ਤੁਸੀਂ ਹੀਰ ਤੇ ਸੁੰਹ ਚੁੱਕੋਗੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਰੁੱਕਾ ਲਿਖ ਰਹੇ ਹੋਵੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਮੁੱਖ ਵਿਸ਼ਾ ਇਹੀ ਹੋਵੇਗਾ।
ਜਦੋਂ ਕਿ ਊਧਮ ਸਿੰਘ ਦੇ ਰੁੱਕੇ ਵਿੱਚ ਮੁੱਖ ਵਿਸ਼ਾ ਹੀਰ ਨਹੀਂ ਹੈ ਸਗੋਂ ਕਿਤਾਬਾਂ ਦੀ ਮੰਗ ਅਤੇ ਹੋਰ ਹਲਕੀਆਂ ਫੁਲਕੀਆਂ ਗੱਲਾਂ ਹਨ।
ਹੀਰ ਵਾਲੀ ਗੱਲ ਤਾਂ ਉਸ ਦੇ ਰੁੱਕਾ ਖਤਮ ਹੋਣ ਤੋਂ ਬਾਅਦ ਉਸ ਵਿੱਚ ਸ਼ਾਮਲ ਕੀਤੀ ਗਈ ਹੈ।
ਹੁਣ ਉਹ ਊਧਮ ਸਿੰਘ ਨੇ ਸ਼ਾਮਿਲ ਕੀਤੀ ਜਾਂ ਕਿਸੇ ਹੋਰ ਨੇ, ਇਹ ਤੁਸੀਂ ਖੁਦ ਅੰਦਾਜ਼ਾ ਲਾ ਲਓ।
ਤੁਸੀਂ ਖੁਦ ਆਪਣੇ ਆਪ ਨੂੰ ਪੁੱਛੋ ਕਿ ਜੇ ਤੁਸੀਂ ਊਧਮ ਸਿੰਘ ਦੀ ਥਾਂ ਤੇ ਹੁੰਦੇ ਅਤੇ ਤੁਸੀਂ ਇਹ ਸੋਚ ਲਿਆ ਹੁੰਦਾ ਕਿ ਤੁਸੀਂ ਹੀਰ ਦੀ ਸੁੰਹ ਚੁੱਕਣੀ ਹੈ ਤਾਂ ਕੀ ਤੁਸੀਂ ਅਜਿਹੀ ਮੰਗ ਨੂੰ ਇੱਕ ਚਲਾਵੇਂ ਤਰੀਕੇ ਨਾਲ ਰੁੱਕਾ ਖਤਮ ਹੋਣ ਤੋਂ ਬਾਅਦ ਪਿਛਲੇ ਹਿੱਸੇ ਵਿੱਚ ਲਿਖਦੇ ?
ਅਦਾਲਤ ਦੀ ਸਾਰੀ ਕਾਰਵਾਈ ਦਾ ਰਿਕਾਰਡ ਮੌਜੂਦ ਹੈ ਅਤੇ ਇਸ ਕਾਰਵਾਈ ਵਿੱਚ ਵੀ ਕਿਤੇ ਇਹ ਨਹੀਂ ਮਿਲਦਾ ਕਿ ਜਦੋਂ ਊਧਮ ਸਿੰਘ ਨੂੰ ਬਾਈਬਲ ਤੇ ਹੱਥ ਰੱਖ ਕੇ ਸੁੰਹ ਚੁੱਕਣ ਲਈ ਕਿਹਾ ਗਿਆ ਤਾਂ ਉਸ ਨੇ ਹੀਰ ਦੀ ਕਿਤਾਬ ਉੱਤੇ ਸੁੰਹ ਚੁੱਕਣ ਵਾਸਤੇ ਕਿਤਾਬ ਦੀ ਮੰਗ ਕੀਤੀ।
ਅਜਿਹਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਊਧਮ ਸਿੰਘ ਨੇ ਅਦਾਲਤ ਵਿੱਚ ਕੋਈ ਕਲੇਸ਼ ਪਾਇਆ ਕਿ ਮੈਂ ਤਾਂ ਹੀਰ ਦੀ ਕਿਤਾਬ ਉੱਤੇ ਹੀ ਸੁੰਹ ਚੁੱਕਾਂਗਾ।
ਹੀਰ ਮੰਗਵਾਉਣ ਵਾਲਾ ਕਥਿਤ ਰੁੱਕਾ ਊਧਮ ਸਿੰਘ ਨੇ 6 ਅਪ੍ਰੈਲ 1940 ਨੂੰ ਲਿਖਿਆ ਸੀ।
ਲਗਭਗ ਦੋ ਮਹੀਨੇ ਬਾਅਦ 4 ਜੂਨ, 1940 ਨੂੰ ਊਧਮ ਸਿੰਘ ਨੇ ਇੱਕ ਹੋਰ ਰੁੱਕਾ ਲਿਖਿਆ। ਇਕ ਰੁੱਕਾ ਲੰਡਨ ਸਥਿਤ ਗੁਰਦੁਆਰੇ ਸਾਹਿਬ ਨੂੰ ਲਿਖਿਆ ਗਿਆ।
ਦੋ ਪਾਲ਼ਾਂ ਦੇ ਇਸ ਰੁੱਕੇ ਵਿੱਚ ਊਧਮ ਸਿੰਘ ਦੁਆਰਾ ਬੇਨਤੀ ਕੀਤੀ ਗਈ ਸੀ ਕਿ ਉਸ ਤੱਕ ਗੁਟਕਾ ਸਾਹਿਬ ਪਹੁੰਚਦਾ ਕੀਤਾ ਜਾਵੇ।
ਤੁਸੀਂ ਕਿਸੇ ਤੇ ਵੀ ਭਰੋਸਾ ਨਾ ਕਰੋ। ਨਾ ਕਿਸੇ ਫੋਰੈਂਸਿਕ ਜਾਂਚ ਦੀ ਰਿਪੋਰਟ ਤੇ, ਨਾ ਕਿਸੇ ਹੋਰ ਦੀਆਂ ਗੱਲਾਂ ਦੇ ਉੱਤੇ।
ਤੁਸੀਂ ਤੱਥਾਂ ਦੀ ਜਾਂਚ ਕਰੋ। ਤੱਥ ਕੀ ਕਹਿੰਦੇ ਹਨ। ਤੁਸੀਂ ਖੁਦ ਉਹ ਰੁੱਕੇ ਵੇਖੋ ਜੋ ਊਧਮ ਸਿੰਘ ਨੇ ਲਿਖੇ ਹਨ। ਤੁਸੀਂ ਉਨ੍ਹਾਂ ਦੀ ਲਿਖਾਈ ਵੇਖੋ, ਉਨ੍ਹਾਂ ਵਿੱਚ ਵਰਤੀ ਬੋਲੀ ਵੇਖੋ।
ਇਹ ਤੱਥ ਹੈ ਕਿ ਊਧਮ ਸਿੰਘ ਕੋਲ ਹੀਰ ਦੀ ਕਿਤਾਬ ਜੇਲ ਵਿੱਚ ਕਦੇ ਨਹੀਂ ਪਹੁੰਚੀ।
ਬਾਕੀ ਹੁਣ ਲੱਗਦੇ ਹੱਥ ਭਗਤ ਸਿੰਘ ਦੇ ਖਰੜਿਆਂ ਦੀ ਫੋਰੈਂਸਿਕ ਜਾਂਚ ਵੀ ਹੋ ਜਾਣੀ ਚਾਹੀਦੀ ਹੈ।
(ਇਹ ਪੜਤਾਲ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ 2018 ‘ਚ ਛਪੀ ਇਕ ਖਬਰ ‘ਤੇ ਅਧਾਰਿਤ ਹੈ।)
Add a Comment