3 .* ਭਗਤ ਸਿੰਘ ਅਤੇ ਸਿੱਖ ਮਾਨਸਿਕਤਾ ਨੂੰ ਸਮਝਦਿਆਂ – ਮੌਜੂਦਾ ਤਲਖੀ ਦੀ ਜੜ੍ਹ ਕਿੱਥੇ?*
-ਕੀ ਭਗਤ ਸਿੰਘ ਦੇ ਹੱਥੋਂ ਮਰਨ ਵਾਲੇ ਬੇਗੁਨਾਹ ਸਨ ? – ਹਾਂ
-ਕੀ ਉਸ ਦਾ ਕੋਈ ਨਿੱਜੀ ਸਵਾਰਥ ਸੀ ? – ਨਹੀਂ
-ਕੀ ਉਹ ਅਖੀਰ ਤਕ ਦ੍ਰਿੜ ਰਿਹਾ? – ਹਾਂ
ਕੀ ਭਗਤ ਸਿੰਘ ਦੇ ਭਾਸ਼ਾ ਦੇ ਮਾਮਲੇ ਤੇ ਵਿਚਾਰ ਅੱਜਕਲ੍ਹ ਅਮਿਤ ਸ਼ਾਹ ਦੇ ਵਿਚਾਰਾਂ ਨਾਲ ਬਿਲਕੁਲ ਮਿਲਦੇ ਹਨ? – ਹਾਂ
ਕੀ ਉਸ ਦੇ ਖਾਤੇ ਪਾਈਆਂ ਜਾਂਦੀਆਂ ਲਿਖਤਾਂ ਵਿੱਚੋਂ ਕਈਆਂ ਦੇ ਸਰੋਤਾਂ ਬਾਰੇ ਪੱਕੀ ਜਾਣਕਾਰੀ ਹੈ ? – ਨਹੀਂ
ਭਗਤ ਸਿੰਘ ਵਿਚ ਪੰਜਾਬੀਆਂ ਵਾਲੀ ਨਾਬਰੀ ਸੀ। ਸਿਖਾਂ ਦੇ ਧਾਰਮਿਕ ਤੇ ਸਿਆਸੀ ਇਕੱਠਾਂ ਤੇ ਵਖਿਆਨਾਂ ਵਿਚ ਵੀ ਉਸ ਦਾ ਜ਼ਿਕਰ ਆਪਣੇ ਤੌਰ ਉਤੇ ਹੁੰਦਾ ਰਿਹਾ ਹੈ। 1947 ਤੋਂ ਬਾਅਦ ਸਿੱਖ ਮਾਨਸਿਕਤਾ ਦਾ ਜ਼ਿਆਦਾ ਟਕਰਾਅ ਗਾਂਧੀ ਦੀ ਕਾਂਗਰਸ ਨਾਲ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ ਆਮ ਤੌਰ ‘ਤੇ ਹੀ ਸਿੱਖ ਇਕੱਠਾਂ ਵਿਚ ਸਿੱਖ ਬੁਲਾਰੇ (ਮਹਾਤਮਾ) ਗਾਂਧੀ ਦੇ ਮੁਕਾਬਲੇ ਹੋਰਾਂ ਦੇ ਨਾਲ ਭਗਤ ਸਿੰਘ ਦਾ ਹਵਾਲਾ ਵੀ ਦਿੰਦੇ ਸਨ। ਸਿੱਖ ਮਾਨਸਿਕਤਾ ਵਿਚ ਭਗਤ ਸਿੰਘ ਦਾ ਦਰਜਾ ਮਹਾਤਮਾ ਗਾਂਧੀ ਨਾਲੋਂ ਉੱਚਾ ਰਿਹਾ ਹੈ।
ਅਸਲ ਵਿਚ ਸਾਂਝੀ ਸਿੱਖ ਮਾਨਸਿਕਤਾ ਦੀ ਭਗਤ ਸਿੰਘ ਨਾਲ ਕਦੇ ਵੀ ਸਮੱਸਿਆ ਨਹੀਂ ਰਹੀ। ਜੇ ਸਿੱਖ ਲਿਖਾਰੀਆਂ ਨੇ ਭਗਤ ਸਿੰਘ ਨਾਲ ਅਸਹਿਮਤੀ ਵੀ ਪ੍ਰਗਟਾਈ ਤਾਂ ਉਸ ਵਿਚ ਵੀ ਉਸ ਦੇ ਹੌਸਲੇ ਦੀ ਤਾਰੀਫ਼ ਅਤੇ ਉਸ ਦੇ ਆਪਣਾ ਹੋਣ ਦੀ ਸੁਰ ਭਾਰੂ ਸੀ। ਫਿਰ ਇਹ ਤਲਖੀ ਜਾਂ ਟਕਰਾਅ ਵਾਲੀ ਸਮੱਸਿਆ ਕਦੋਂ ਅਤੇ ਕਿਉਂ ਆਈ?
ਇਹ ਸਮੱਸਿਆ ਉਸ ਦੇ ਨਾਂ ਉਤੇ ਆਪੋ ਆਪਣੀਆਂ ਵਿਚਾਰਧਾਰਕ ਅਤੇ ਸਿਆਸੀ ਦੁਕਾਨਾਂ ਚਲਾਉਣ ਵਾਲਿਆਂ ਦੀ ਅਜ਼ਾਰੇਦਾਰੀ ਵਾਲੀ ਮਾਨਸਿਕਤਾ ਵਿਚੋਂ ਨਿਕਲੀ ਹੈ, ਜਿਸ ਦਾ ਐਲਾਨੀਆ ਜਾਂ ਅਣਐਲਾਨਿਆ ਉਦੇਸ਼ ਦੂਸਰੇ ਸ਼ਹੀਦਾਂ ਨੂੰ ਛੋਟਾ ਦਿਖਾਉਣਾ ਤੇ ਖ਼ਾਸ ਕਰਕੇ ਸਿੱਖ ਵਿਰਾਸਤ, ਸਿਧਾਂਤ ਅਤੇ ਸ਼ਹੀਦੀਆਂ ਨੂੰ ਛੁਟਿਆਉਣਾ ਰਿਹਾ ਹੈ।
ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਗਦਰੀ ਯੋਧੇ, ਬੱਬਰ ਅਕਾਲੀ ਵੀ ਸ਼ਹੀਦ ਹੋਏ। ਕੀ ਉਨ੍ਹਾਂ ਦੀ ਸ਼ਹਾਦਤ ਭਗਤ ਸਿੰਘ ਤੋਂ ਦੂਜੇ ਦਰਜੇ ਦੀ ਸੀ? ਸਰਾਭਾ ਤਾਂ ਉਮਰ ਵਿਚ ਵੀ ਛੋਟਾ ਸੀ। ਭਗਤ ਸਿੰਘ ਵੀ ਉਸ ਨੂੰ ਆਪਣਾ ਆਦਰਸ਼ ਮੰਨਦਾ ਸੀ। ਊਧਮ ਸਿੰਘ ਨੇ ਕਿਸੇ ਦੀ ਕੁਦਰਤੀ ਮੌਤ ਦਾ ਬਦਲਾ ਲੈਣ ਲਈ ਕੋਈ ਨਿਰਦੋਸ਼ ਪੁਲੀਸ ਵਾਲੇ ਨਹੀਂ ਮਾਰੇ, ਨਾ ਹੀ ਕੋਈ ਹੋਰ ਮਾਅਰਕੇਬਾਜ਼ੀ ਕੀਤੀ ਸਗੋਂ ਟੀਸੀ ਦਾ ਬੇਰ ਲਾਹਿਆ, ਜਿਵੇਂ ਬੇਅੰਤ ਸਿੰਘ-ਸਤਵੰਤ ਸਿੰਘ ਨੇ ਇੰਦਰਾ ਗਾਂਧੀ ਮਾਰੀ ਤੇ ਜਿੰਦੇ-ਸੁੱਖੇ ਹੋਰਾਂ ਜਨਰਲ ਵੈਦਿਆ। ਮਾਸੂਮ ਸਿੱਖਾਂ ਦੇ ਕਾਤਲ ਲਲਿਤ ਮਾਕਨ ਅਤੇ ਅਰਜਨ ਦਾਸ ਵਰਗਿਆਂ ਦਾ ਦੋਸ਼ ਕਿਸੇ ਸਕਾਟ ਜਾਂ ਸਾਂਡਰਸ ਨਾਲੋਂ ਕਈ ਸੌ ਗੁਣਾ ਜ਼ਿਆਦਾ ਸੀ, ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ।
ਪਰ ਜਦੋਂ ਤੁਸੀਂ ਭਗਤ ਸਿੰਘ ਨੂੰ ਸ਼ਹੀਦ ਏ ਆਜਮ ਕਹਿੰਦੇ ਹੋ ਜਾਂ ਉਸ ਦੀ ਸ਼ਹਾਦਤ ਨੂੰ ਸਾਰਿਆਂ ਦੇ ਉੱਪਰੋਂ ਸਥਾਪਤ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਕਿਹਾਂ ਤੁਸੀਂ ਬਾਕੀ ਸਾਰਿਆਂ ਨੂੰ ਦੂਜੇ ਦਰਜੇ ਦੇ ਸ਼ਹੀਦ ਕਰਾਰ ਦੇ ਰਹੇ ਹੋ। ਕੋਈ ਦੱਸ ਸਕਦਾ ਹੈ ਕਿ ਇਨ੍ਹਾਂ ਬਾਕੀ ਸਾਰਿਆਂ ਦੀ ਸ਼ਹਾਦਤ ਭਗਤ ਸਿੰਘ ਨਾਲੋਂ ਊਣੀ ਕਿਵੇਂ ਸੀ? ਇਕ ਸ਼ਹੀਦ ਏ ਆਜ਼ਮ ਅਤੇ ਬਾਕੀ ਸਿਰਫ ਸ਼ਹੀਦ। ਸਗੋਂ ਸਰਾਭੇ, ਊਧਮ ਸਿੰਘ, ਗਦਰੀਆਂ ਅਤੇ ਬੱਬਰ ਅਕਾਲੀਆਂ ਦੇ ਕਾਰਨਾਮੇ ਉਸ ਨਾਲੋਂ ਵੀ ਅਗਾਂਹ ਦੇ ਸਨ। ਫਿਰ ਇਹ ਪਿਛੇ ਕਿਉਂ?
ਕਾਰਣ ਇਕੋ ਸਮਝ ਆਉਂਦਾ ਹੈ ਕਿ ਉਨ੍ਹਾਂ ਦੇ ਕਾਰਨਾਮੇ ਭਾਵੇਂ ਅਗਾਂਹ ਦੇ ਹੋਣ ਪਰ ਉਹ ਆਰੀਆ ਸਮਾਜੀ ਅਤੇ ਕਮਿਊਨਿਸਟ ਪਛਾਣ ਵਾਲੇ ਨਹੀਂ ਸਨ। ਉਨ੍ਹਾਂ ਨੂੰ ਸਿੱਖੀ ਨੂੰ ਤਿਲਾਂਜਲੀ ਦੇਣ ਵਾਲੇ ਹੀਰੋ ਵਜੋਂ ਵੀ ਨਹੀਂ ਸੀ ਉਭਾਰਿਆ ਜਾ ਸਕਦਾ। ਬਾਕੀ ਸ਼ਹੀਦਾਂ ਦੇ ਬਿੰਬ ਨਾਲ ਉਹ ਏਜੇਂਡਾ ਪੂਰਾ ਨਹੀਂ ਸੀ ਹੁੰਦਾ, ਜਿਹੋ ਜਿਹਾ ਭਗਤ ਸਿੰਘ ਦੇ ਬਿੰਬ ਨਾਲ (ਜਿਹਾ ਉਹ ਬਣਾਇਆ ਜਾ ਸਕਦਾ ਸੀ ਤੇ ਬਣਾਇਆ ਗਿਆ) ਹੋ ਸਕਦਾ ਸੀ। ਇਸ ਲਈ ਇਕ ਸ਼ਹੀਦ ਏ ਆਜ਼ਮ ਹੈ ਤੇ ਬਾਕੀ ਸਿਰਫ਼ ਸ਼ਹੀਦ।
ਹੋਰ ਤਾਂ ਹੋਰ ਭਗਤ ਸਿੰਘ ਦੇ ਨਾਲ ਰਾਜਗੁਰੂ ਤੇ ਸੁਖਦੇਵ ਫਾਂਸੀ ਟੰਗੇ ਗਏ। ਉਨ੍ਹਾਂ ਦੀ ਦਲੇਰੀ ਅਤੇ ਕੁਰਬਾਨੀ ਵੀ ਬਰਾਬਰ ਸੀ। ਪਰ ਸਾਰੇ ਬਿਰਤਾਂਤ ਤੋਂ ਸਪਸ਼ਟ ਹੈ ਕਿ ਉਨ੍ਹਾਂ ਦਾ ਦਰਜਾ ਵੀ ਪਿੱਛੇ ਹੀ ਆਉਂਦਾ ਹੈ। ਕਦੇ ਧਿਆਨ ਨਾਲ ਸੁਣੋ – ਪੜ੍ਹੋ ਕਿ ਭਗਤ ਸਿੰਘ ਦੇ ਪੈਰੋਕਾਰ ਕਹਾਉਣ ਵਾਲੇ ਗ਼ਦਰੀ ਭਾਈ ਰਣਧੀਰ ਸਿੰਘ ਜੀ, ਜਿਨ੍ਹਾਂ ਨੇ ਪੰਦਰਾਂ ਸਾਲ ਲਗਾਤਾਰ ਅਤੇ ਬਹੁਤ ਹੀ ਕਰੜੀ ਜੇਲ੍ਹ ਕੱਟੀ, ਦਾ ਨਾਂ ਕਿੰਨੇ ਕੁ ਸਤਿਕਾਰ ਨਾਲ ਲੈਂਦੇ ਹਨ। ਉਨ੍ਹਾਂ ਦਾ ਸਿੱਖ ਅਧਿਆਤਮਵਾਦੀ ਹੋਣਾ ਹੀ ਉਨ੍ਹਾਂ ਨੂੰ ਛੋਟਾ ਵਿਖਾਉਣ ਲਈ ਕਾਫੀ ਵੱਡਾ ਕਾਰਨ ਹੈ। ਇਕੋ ਜਿਹੇ ਕਾਰਜ ਲਈ ਕੁਰਬਾਨੀਆਂ ਕਰਨ ਵਾਲਿਆਂ ਦੇ ਧਾਰਮਿਕ ਅਕੀਦਿਆਂ, ਉਹ ਸਿੱਖ ਹਿੰਦੂ ਮੁਸਲਮਾਨ ਜਾਂ ਕੋਈ ਹੋਰ ਵੀ ਹੋਣ, ਦੇ ਕਾਰਨ ਉਨ੍ਹਾਂ ਨੂੰ ਉੱਪਰ ਥੱਲੇ ਜਾਂ ਅੱਗੇ ਪਿੱਛੇ ਰੱਖਣਾ ਕਿਵੇਂ ਜਾਇਜ਼ ਹੋ ਸਕਦਾ ਹੈ?
ਕੀ ਕਾਰਨ ਹੈ ਕਿ ਬਾਕੀ ਸਾਰੇ ਸ਼ਹੀਦਾਂ ਦੇ ਨਾਂ ਉਤੇ ਰਲਾ ਕੇ ਪੰਜਾਬ ਵਿਚ ਇੰਨੇ ਪ੍ਰੋਜੈਕਟ ਜਾਂ ਯਾਦਗਾਰਾਂ ਨਹੀਂ ਬਣੀਆਂ, ਜਿੰਨੀਆਂ ਇਕੱਲੇ ਭਗਤ ਸਿੰਘ ਦੇ ਨਾਂ ਉਤੇ? ਹਾਲੇ ਵੀ ਜਦੋਂ ਕੋਈ ਨਵਾਂ ਤੇ ਵੱਡਾ ਪ੍ਰੋਜੈਕਟ ਹੋਵੇ ਫਟਾਫਟ ਉਸਦਾ ਨਾਂ ਭਗਤ ਸਿੰਘ ਦੇ ਨਾਂ ਉਤੇ ਰੱਖਣ ਦੀ ਮੰਗ ਹੁੰਦੀ ਹੈ। ਕੋਈ ਸਮਝਾ ਸਕਦਾ ਹੈ ਇਸ ਵਿਤਕਰੇ ਦਾ ਕਾਰਣ ? ਕੀ ਦੇਸ ਪੰਜਾਬ ਅਤੇ ਇਸਦੀ ਲੋਕਾਈ ਦੀ ਹੋਂਦ ਅਤੇ ਆਜ਼ਾਦੀ ਦੀ ਲੜਾਈ ਸਿਰਫ਼ ਭਗਤ ਸਿੰਘ ਤੋਂ ਸ਼ੁਰੂ ਹੋ ਕੇ ਉਸੇ ਤੇ ਖ਼ਤਮ ਹੋ ਜਾਂਦੀ ਹੈ? ਅਸਲ ਕਾਰਣ ਸਿਰਫ਼ ਭਗਤ ਸਿੰਘ ਪ੍ਰਤੀ ਸ਼ਰਧਾ ਨਹੀਂ, ਅਸਲ ਮਨਸ਼ਾ ਇਹ ਦਰਸਾਉਣਾ ਹੁੰਦਾ ਹੈ ਕਿ ਪੰਜਾਬ ਦੇ ਸਾਰੇ ਇਤਿਹਾਸ ਵਿਚ ਉਹ ਇਕੱਲਾ ਹੀ ਮਹਾਂ-ਨਾਇਕ ਹੈ। ਫਾਹੇ ਲੱਗਣ ਵਾਲੇ ਗ਼ਦਰੀਆਂ ਅਤੇ ਬੱਬਰ ਅਕਾਲੀਆਂ ਦੇ ਤਾਂ ਨਾਂ ਵੀ ਬਹੁਤਿਆਂ ਨੂੰ ਨਹੀਂ ਪਤਾ। ਇਕੱਲੇ ਢੁੱਡੀਕੇ ਪਿੰਡ ਚੋਂ 28 ਗਦਰੀ ਹੋਏ ਤੇ 20 ਫਾਹੇ ਲੱਗੇ। ਕਿੰਨਿਆਂ ਨੂੰ ਇਸ ਗੱਲ ਦਾ ਪਤਾ ਹੈ? ਪਰ ਢੁੱਡੀਕੇ ਨੂੰ ਫਿਰਕੂ ਆਰੀਆ ਸਮਾਜੀ ਅਤੇ ਪੰਜਾਬ ਦੀ ਵੰਡ ਦਾ ਮੁੱਢ ਬੰਨ੍ਹਣ ਵਾਲੇ ਲਾਲਾ ਲਾਜਪਤ ਰਾਏ ਨਾਲ ਜਿਆਦਾ ਜੋੜਿਆ ਜਾਂਦਾ ਹੈ, ਹਾਲਾਂਕਿ ਉਹ ਬਹੁਤਾ ਲਾਹੌਰ ਹੀ ਰਿਹਾ।
ਇਨ੍ਹਾਂ ਸ਼ਹੀਦਾਂ ਨਾਲੋਂ ਜਿਆਦਾ ਪ੍ਰਾਜੈਕਟ ਅਤੇ ਯਾਦਗਾਰਾਂ ਤਾਂ ਮਹਾਤਮਾ ਗਾਂਧੀ ਅਤੇ ਨਹਿਰੂ-ਗਾਂਧੀ ਖ਼ਾਨਦਾਨ ਦੇ ਨਾਂ ਉਤੇ ਪੰਜਾਬ ਵਿੱਚ ਹਨ ਹਰ ਹਾਲਾਂਕਿ ਉਨ੍ਹਾਂ ਨੇ ਪੰਜਾਬ ਨਾਲ ਪੂਰਾ ਵੈਰ ਕੱਢਿਆ। ਸੰਭਵ ਹੈ ਪੰਜਾਬ ਦੋਖੀਆਂ ਦੇ ਨਾਂ ਉਤੇ ਪੰਜਾਬ ‘ਚ ਜ਼ਿਆਦਾ ਚੀਜ਼ਾਂ ਹੋਣ, ਕਿਸੇ ਬੱਬਰ ਅਕਾਲੀਆਂ ਜਾਂ ਗਦਰੀਆਂ ਦੇ ਮੁਕਾਬਲੇ। ਕਿਉਂ? ਕੋਈ ਸੱਜੇ ਜਾਂ ਖੱਬੇ ਪੱਖੀ ਇਸਦਾ ਜਵਾਬ ਦੇਵੇਗਾ?
ਇਸ ਤੋਂ ਅਗਾਂਹ ਸਮੱਸਿਆ ਇਹ ਆਈ ਕਿ ਭਗਤ ਸਿੰਘ ਦੇ ਨਾਂ ਉਤੇ ਨਾਸਤਿਕਤਾ ਅਤੇ ਕਮਿਊਨਿਸਟ ਵਿਚਾਰਧਾਰਾ ਦਾ ਗਲਬਾ ਪਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਇਵੇਂ ਪ੍ਰਗਟਾਇਆ ਜਾਣ ਲੱਗਾ ਕਿ ਗੁਰੂਆਂ ਦੀ ਵਿਰਾਸਤ ਅਤੇ ਬਾਕੀ ਦੀ ਸਾਰੀ ਸਿੱਖ ਵਿਰਾਸਤ ਭਗਤ ਸਿੰਘ ਦੀ ਵਿਚਾਰਧਾਰਾ (ਜੋ ਵੀ ਉਹ ਹੈ) ਸਾਹਮਣੇ ਬੌਣੀ ਹੈ। ਸਿੱਖ, ਗੁਰੂ ਅਰਜਨ ਸਾਹਿਬ ਨੂੰ ‘ਸ਼ਹੀਦਾਂ ਦੇ ਸਿਰਤਾਜ‘ ਕਹਿੰਦੇ ਨੇ। ਉਨ੍ਹਾਂ ਤੋਂ ਪਹਿਲਾਂ ਇਸ ਖਿੱਤੇ ਵਿਚ ਕਿਸੇ ਲਈ ਸ਼ਹੀਦ ਸ਼ਬਦ ਵੀ ਨਹੀਂ ਵਰਤਿਆ ਗਿਆ। ਭਾਰਤੀ ਖਿੱਤੇ ਅਤੇ ਹਿੰਦੂ ਪ੍ਰੰਪਰਾ ਵਿੱਚ ਤਾਂ ਸ਼ਹਾਦਤ ਦਾ ਸੰਕਲਪ ਹੈ ਹੀ ਨਹੀਂ ਸੀ। ਹਿੰਦੂ ਪ੍ਰੰਪਰਾ ਅਤੇ ਸਾਹਿਤ ਵਿੱਚੋ ਵੀਰਗਤੀ, ਬਲਿਦਾਨ ਵਰਗੇ ਸ਼ਬਦ ਅਤੇ ਸੰਕਲਪ ਮਿਲਦੇ ਹਨ, ਜਿਨ੍ਹਾਂ ਦਾ ਆਪਣਾ ਮਹੱਤਵ ਹੈ | ਸ਼ਹੀਦੀ, ਸ਼ਹਾਦਤ ਲਫ਼ਜ਼ ਫਾਰਸੀ ਮੂਲ ਦੇ ਹਨ। ਗੁਰੂ ਸਾਹਿਬ ਦੇ ਸਨਮਾਨ ਲਈ ਕਹੇ ਜਾਂਦੇ ਸ਼ਬਦਾਂ ‘ਸ਼ਹੀਦਾਂ ਦੇ ਸਿਰਤਾਜ’ ਨੂੰ ਭਗਤ ਸਿੰਘ ਲਈ ਉਰਦੂ ਵਿੱਚ ਉਲਥਾ ਲਿਆ।
ਜਦੋਂ ਉਹ ਫਾਂਸੀ ਚੜ੍ਹਿਆ, ਉਹ 23 ਸਾਲ ਦਾ ਨੌਜਵਾਨ ਸੀ। ਉਹ ਹਾਲੇ ਬੌਧਿਕ ਅਤੇ ਅਨੁਭਵੀ ਵਿਕਾਸ ਕਰ ਰਿਹਾ ਸੀ। ਪਰ ਉਸ ਦੇ ਨਾਂ ਉਤੇ ਵਿਚਾਰਧਾਰਕ ਦੁਕਾਨ ਚਲਾਉਣ ਵਾਲਿਆਂ ਨੇ ਇਹ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਕਿ ਭਗਤ ਸਿੰਘ ਜੋ ਲਿਖ ਗਿਆ, ਉਹ ਅੰਤਮ ਸੱਚ ਹੈ ਤੇ ਬਾਕੀ ਸਾਰਾ ਕੁਝ ਉਸ ਦੀ ਕਸਵੱਟੀ ਉਤੇ ਪਰਖਿਆ ਜਾਵੇ। ਇਹ ਕਸਵੱਟੀ ਘੜਨ ਤੋਂ ਪਹਿਲਾਂ ਜਾ ਇਸ ਨੂੰ ਘੜਦਿਆਂ – ਘੜਦਿਆਂ ਕਈ ਕੁਝ ਹੋਰ ਉਸ ਦੇ ਨਾਂ ਉਤੇ ਲਿਖ ਕੇ ਪਾ ਦਿੱਤਾ ਗਿਆ ਤੇ ਨਾਲ ਹੀ ਇਨ੍ਹਾਂ ਲਿਖਤਾਂ ਦੀ ਅਸਲੀਅਤ ਬਾਰੇ ਕਿਸੇ ਵੀ ਸੁਆਲ ਦਾ ਜੁਆਬ ਫਤਵਿਆਂ ਨਾਲ ਦਿੱਤਾ ਜਾਣ ਲੱਗਾ। ਕਿਸੇ ਵੀ ਅਜਿਹੀ ਆਵਾਜ਼ ਜਾਂ ਸੁਆਲ ਕਰਨ ਵਾਲੇ ਨੂੰ ਦੱਬਣ ਲਈ ਬੌਧਿਕ ਦਾਬਾ ਅਤੇ ਭੀੜ ਦਾ ਰੌਲਾ ਦੋਵੇਂ ਵਰਤੇ ਗਏ। ਕਈ ਸਿਰਫ ਕਿਤਾਬਾਂ ਦਾ ਧੰਦਾ ਕਰਨ ਵਾਲੇ ਤੇ ਸਿੱਖਾਂ ਨੂੰ ਘੋਰ ਨਫਰਤ ਕਰਨ ਵਾਲੇ ਇਸ ਸਾਰੇ ਕੁਝ ਵਿਚ ਸ਼ਾਮਲ ਸਨ।
ਭਗਤ ਸਿੰਘ ਦਾ ਨਾਂ ਵਰਤ ਕੇ ਸਿੱਖ ਵਿਚਾਰਧਾਰਾ ਇਤਿਹਾਸ ਅਤੇ ਇਸ ਦੀ ਦੇਣ ਨੂੰ ਬੜੇ ਭੱਦੇ ਤਰੀਕੇ ਨਾਲ ਛੋਟਾ ਦਿਖਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਉਸ ਨੂੰ ਜਾਣ ਬੁਝ ਕੇ ਸਿੱਖਾਂ ਦੇ ਸ਼ਰੀਕ ਵਜੋਂ ਉਭਾਰਿਆ।
ਜੇ ਤੁਸੀਂ ਉਸ ਦੇ ਪੰਜਾਬੀ ਬਨਾਮ ਹਿੰਦੀ ਉੱਪਰ ਵਿਚਾਰਾਂ ਨੂੰ ਅੱਜ ਜਸਟੀਫਾਈ ਨਹੀਂ ਕਰ ਸਕਦੇ ਤਾਂ ਉਸ ਦੇ ਬਾਕੀ ਮੁੱਦਿਆਂ ਤੇ ਵਿਚਾਰਾਂ ਦਾ ਵੀ ਆਲੋਚਨਾਤਮਕ ਵਿਸ਼ਲੇਸ਼ਣ ਹੋ ਸਕਦਾ ਹੈ। ਇਸ ਵਿਸ਼ਲੇਸ਼ਣ ਨਾਲ ਉਸਦੀ ਦਲੇਰੀ ਅਤੇ ਕੁਰਬਾਨੀ ਛੋਟੇ ਨਹੀਂ ਹੋ ਜਾਂਦੀ। ਜੇ ਭਾਸ਼ਾ ਤੇ ਉਸਦੇ ਵਿਚਾਰਾਂ ਨੂੰ ਜਸਟੀਫਾਈ ਕਰਦੇ ਹੋ ਤਾਂ ਫਿਰ ਉਸਦੀ ਵਿਚਾਰਧਾਰਾ ਤੇ ਸੁਆਲ ਉੱਠਣੇ ਲਾਜ਼ਮੀ ਨੇ। ਹਿੰਦੀ ਅਤੇ ਪੰਜਾਬੀ ਭਾਸ਼ਾ ਤੇ ਉਸ ਦੇ ਪ੍ਰਗਟਾਏ ਵਿਚਾਰ ਅਸਲ ‘ਚ ਭਾਸ਼ਾਈ ਬਸਤੀਵਾਦ ਦੇ ਖਾਤੇ ਵਿਚ ਜਾ ਪੈਂਦੇ ਨੇ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਉਲਟ ਉਸ ਦੀਆਂ ਦਲੀਲਾਂ ਨਾ ਸਿਰਫ ਉਸ ਦੀ ਪੰਜਾਬੀ ਅਤੇ ਗੁਰਮੁਖੀ ਬਾਰੇ ਸਮਝ ਦੇ ਪੇਤਲੇਪਣ ਨੂੰ ਹੀ ਪ੍ਰਗਟ ਕਰਦੀਆਂ ਹਨ ਸਗੋਂ ਉਸ ਦੀ ਇਸ ਉਪ ਮਹਾਂਦੀਪ ਦੀ ਨਸਲੀ ਭਾਸ਼ਾਈ ਅਤੇ ਅਕੀਦਿਆਂ ਦੀ ਵੰਨ ਸੁਵੰਨਤਾ ਤੋ ਬਿਲਕੁਲ ਅੱਖਾਂ ਮੀਟਣ ਵਾਲੀਆਂ ਜ਼ਾਹਰ ਹੁੰਦੀਆਂ ਨੇ। ਪੰਜਾਬੀ ਅਤੇ ਗੁਰਮੁਖੀ ਬਾਰੇ ਉਸ ਦੇ ਵਿਚਾਰ ਬਿਲਕੁਲ ਆਰੀਆ ਸਮਾਜੀਆਂ ਵਾਲੇ ਸਨ। ਇਨ੍ਹਾਂ ਸਿਰੇ ਦੇ ਗੈਰ ਵਿਗਿਆਨਕ ਵਿਚਾਰਾਂ (ਜੇ ਇਹ ਵਾਕਈ ਉਸ ਦੇ ਹਨ ) ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਉਸ ‘ਤੇ ਕਿੰਨਾ ਸੀ।
ਜ਼ਿਕਰਯੋਗ ਗੱਲ ਹੈ ਕਿ ਆਰੀਆ ਸਮਾਜੀਆਂ ਨੇ ਉਰਦੂ ਤੋਂ ਇਲਾਵਾ ਹੋਰ ਭਾਸ਼ਾਵਾਂ ਅਤੇ ਲਿਪੀਆਂ ਦਾ ਵਿਰੋਧ ਇਸ ਤਰ੍ਹਾਂ ਨਹੀਂ ਕੀਤਾ, ਜਿਵੇਂ ਪੰਜਾਬੀ ਅਤੇ ਗੁਰਮੁਖੀ ਦਾ ਕੀਤਾ। ਦਿਲਚਸਪ ਗੱਲ ਹੈ ਕੇ ਭਗਤ ਸਿੰਘ ਨੂੰ ਵੀ ਹੀਣਾਪਣ ਸਿਰਫ ਪੰਜਾਬੀ ਅਤੇ ਗੁਰਮੁਖੀ ਵਿਚੋ ਹੀ ਲੱਭਾ। ਪੰਜਾਬੀ ਅਤੇ ਗੁਰਮੁਖੀ ਦੇ ਉਲਟ ਇਹੋ ਜਿਹੀਆਂ ਦਲੀਲਾਂ ਸਿਰਫ ਉਹ ਹੀ ਦੇ ਸਕਦਾ ਹੈ, ਜਿਸ ਨੂੰ ਨਾ ਇਨ੍ਹਾਂ ਦੀ ਸਮਰੱਥਾ ਦਾ ਪਤਾ ਹੋਵੇ ਜਾਂ ਫਿਰ ਸਿਰਫ ਨਫਰਤ ਹੋਵੇ, ਜਿਹੜੀ ਆਮ ਤੌਰ ‘ਤੇ ਖੰਡ ਨਾਲ ਲਪੇਟ ਕੇ, ਨਰਮ ਕਰ ਕੇ ਪੇਸ਼ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਖਿਲਾਫ ਇਹੋ ਜਿਹੀਆਂ ਥੋਥੀਆਂ ਦਲੀਲਾਂ ਹੀ ਆਰੀਆ ਸਮਾਜੀ ਅਤੇ ਜਨ ਸੰਘ ਵਾਲੇ ਪੰਜਾਬੀ ਸੂਬਾ ਬਣਨ ਤੱਕ ਦਿੰਦੇ ਰਹੇ ਅਤੇ ਕਈਆਂ ਕੋਲ ਹਾਲੇ ਵੀ ਇਸ ਤੋਂ ਅਗਾਂਹ ਕੁਝ ਨਹੀਂ ਹੈ। ਉਸਦੇ ਲੇਖ ਵਿਚਲੀ ਇਹ ਟੂਕ, “ਏਕ ਰਾਸ਼ਟਰ ਬਨਾਨੇ ਕੇ ਲੀਏ ਏਕ ਭਾਸ਼ਾ ਹੋਨਾ ਅਵਸ਼ਯਕ ਹੈ“- ਬਾਰੇ ਦੱਸੋ ਇਹ ਵਿਚਾਰ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਵਿਚਾਰ ਨਾਲੋਂ, ਜਾਂ ਅਮਿਤ ਸ਼ਾਹ ਦੇ ਵਿਚਾਰਾਂ ਨਾਲੋਂ ਵੱਖਰਾ ਕਿਵੇਂ ਹੈ? ਚੰਗਾ ਹੋਵੇ ਜੇ ਉਸਦਾ ਭਾਣਜਾ ਜਗਮੋਹਨ ਸਿੰਘ ਤੇ ਭਗਤ ਸਿੰਘ ਦੇ ਹੋਰ ਸੈਕੂਲਰ, ਤਰਕਵਾਦੀ ਅਖਵਾਉਣ ਵਾਲੇ ਪੈਰੋਕਾਰ ਇਸ ਲੇਖ ਵਿਚ ਮੁਸਲਮਾਨਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਤੇ ਆਪਣੀ ਸਥਿਤੀ ਸਪੱਸ਼ਟ ਕਰਨ ਤੇ ਇਹ ਵੀ ਦੱਸਣ ਕਿ ਇਹ ਸੰਘ ਅਤੇ ਭਾਜਪਾ ਦੇ ਵਿਚਾਰਾਂ ਨਾਲੋਂ ਕਿਵੇਂ ਵੱਖਰੇ ਹਨ।
ਇਹ ਹੁਣ ਉਸਦੇ ਵਿਚਾਰਧਾਰਕ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਪੱਸ਼ਟ ਕਰਨ ਕਿ ਇਹ ਵਾਕਈ ਉਸਦੇ ਵਿਚਾਰ ਸਨ ਕਿ ਜਾਂ ਇਹ ਸੰਭਾਵਨਾ ਹੈ ਕਿ ਉਸਦੇ ਫਾਂਸੀ ਲੱਗਣ ਤੋਂ ਦੋ ਸਾਲ ਬਾਅਦ ਉਸਦੇ ਖਾਤੇ ਪਾਇਆ ਗਿਆ। ਇਹ ਪੱਕਾ ਹੈ ਕਿ ਜਿਸਨੇ ਉਸਦੇ ਨਾਂ ‘ਤੇ ਇਹ ਛਾਪਿਆ, ਉਹ ਕੋਈ ਵੱਡਾ ਆਰੀਆ ਸਮਾਜੀ ਵਿਦਵਾਨ ਸੀ ਤੇ ਉਸਨੇ ਹੋਰ ਕਿਤਾਬਾਂ ਤੋਂ ਇਲਾਵਾ ਆਰੀਆ ਸਮਾਜ ਦੇ ਸਿਧਾਂਤਾਂ ‘ਤੇ ਵੱਡੀ ਕਿਤਾਬ ਲਿਖੀ।
ਭਗਤ ਸਿੰਘ ਤੇ ਉਸ ਦਾ ਪਰਿਵਾਰ ਆਰੀਆ ਸਮਾਜੀ ਸੀ। ਭਾਵੇਂ ਕਿ ਉਸ ਵੇਲੇ ਤੇ ਕਈ ਲੋਕ ਹੁਣ ਵੀ ਆਰੀਆ ਸਮਾਜ ਨੂੰ ਇਕ ਸਮਾਜ ਸੁਧਾਰਕ ਲਹਿਰ ਦੇ ਤੌਰ ਉਤੇ ਦੇਖਦੇ ਨੇ ਪਰ ਇਹ ਹਿੰਦੂਤਵੀ ਧਾਰਾਵਾਂ ਵਿੱਚੋਂ ਸਭ ਤੋਂ ਜ਼ਿਆਦਾ ਸੱਜੇ ਪੱਖੀ ਅਤੇ ਨਸਲਵਾਦੀ ਲਹਿਰ ਸੀ। 1925 ਵਿਚ ਬਣੀ ਆਰ ਐਸ ਐਸ ਨਾਲੋਂ ਵੀ ਜ਼ਿਆਦਾ ਕੱਟੜ। ਪੰਜਾਬ ਵਿੱਚ ਫ਼ਿਰਕਾਪ੍ਰਸਤੀ ਦੀਆਂ ਜੜ੍ਹਾਂ ਅਸਲ ਵਿਚ ਆਰੀਆ ਸਮਾਜ ਨੇ ਲਾਈਆਂ। ਅਸਲ ਵਿਚ ਸੁਧਾਰਵਾਦੀ ਏਜੰਡੇ ਦੇ ਨਾਲ ਆਰੀਆ ਸਮਾਜੀਆਂ ਨੇ ਸਿਰੇ ਦਾ ਫਿਰਕੂ ਜ਼ਹਿਰ ਪੰਜਾਬ ਦੀ ਫਿਜ਼ਾ ਵਿੱਚ ਘੋਲਿਆ। ਉਸ ਦੇ ਅਸਰ ਤੋਂ ਪੰਜਾਬ ਹਾਲੇ ਤੱਕ ਵੀ ਤਾਬੇ ਨਹੀਂ ਆਇਆ।
ਪਰ ਬਹੁਤੇ ਲੇਖਕਾਂ ਖ਼ਾਸ ਕਰਕੇ ਖੱਬੇ ਪੱਖੀਆਂ ਨੇ ਆਰੀਆ ਸਮਾਜੀਆਂ ਦੇ ਇਸ ਸਿਰੇ ਦੇ ਨਕਾਰਾਤਮਕ ਰੋਲ ਉਤੇ ਕਦੇ ਕੋਈ ਖਾਸ ਚਰਚਾ ਨਹੀਂ ਕੀਤੀ। ਜੇ ਕਿਤੇ ਕੀਤੀ ਵੀ ਹੈ ਤਾਂ ਉਹ ਰਸਮੀ ਜਾਂ ਸਰਸਰੀ। ਇਸ ਤੋਂ ਜ਼ਿਆਦਾ ਨਹੀਂ।
‘ਪੰਜਾਬ ਜਿਓਦਾ ਗੁਰਾਂ ਦੇ ਨਾਂ ਤੇ’। ਪਰ ਆਰੀਆ ਸਮਾਜੀਆਂ ਤੋਂ ਲੈ ਕੇ ਭਗਤ ਸਿੰਘ ਦੇ ਨਾਂ ਉਤੇ ਆਪਣਾ ਵਿਚਾਰਧਾਰਕ ਏਜੇਂਡਾ ਚਲਾਉਣ ਵਾਲਿਆਂ ਦਾ ਸਾਰਾ ਜ਼ੋਰ ਇਸ ਨੂੰ ਉਲਟਾਉਣ ‘ਤੇ ਲੱਗਾ ਹੋਇਆ ਹੈ। ਫਿਰ ਸਿੱਖ ਮਾਨਸਿਕਤਾ ਨਾਲ ਟਕਰਾਅ ਕਿਉਂ ਨਹੀਂ ਆਵੇਗਾ ਤੇ ਇਸ ਲਈ ਸਾਰੀ ਜਿੰਮੇਵਾਰੀ ਕਿਸ ਦੀ ਹੈ ?
ਇੱਥੇ ਕਵਿਤਾ ਦੇ ਨਾਂ ਉਤੇ ਕੋਈ ਭਗਤ ਸਿੰਘ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਾ ਅਖੌਤੀ ਕਵੀ ਸਿੱਖ ਗੁਰੂਆਂ ਪ੍ਰਤੀ, ਸਿੱਖ ਨਾਇਕਾਂ ਪ੍ਰਤੀ ਜਾਂ ਸਿੱਖਾਂ ਪ੍ਰਤੀ ਜੋ ਮਰਜ਼ੀ ਲਿਖ ਦੇਣ, ਉਸ ਨੂੰ ਵੀ ਤਰਕ ਉਤੇ ਆਪਣਾ ਏਕਾਧਿਕਾਰ ਸਮਝਣ ਵਾਲੇ ਵਿਚਾਰਾਂ ਦੀ ਆਜ਼ਾਦੀ ਦੱਸ ਕੇ ਡਿਫੈਂਡ ਕਰਦੇ ਰਹੇ। ਇਸ ਕਾਰਜ ਲਈ ਕਈ ਨਫਰਤੀ ਮਿੱਤਰ, ਮੀਡੀਏ ਵਿਚ ਆਪਣੀ ਹੋਂਦ ਨੂੰ ਇਸ ਕਾਰਜ ਲਈ ਵਰਤਦੇ ਰਹੇ ਨੇ। ਹੁਣ ਭਗਤ ਸਿੰਘ ਵੇਲੇ ਉਨ੍ਹਾਂ ਹੀ ਲੋਕਾਂ ਦੀਆਂ ਭਾਵਨਾਵਾਂ ਆਹਤ ਹੋ ਰਹੀਆਂ ਹਨ।
ਭਗਤ ਸਿੰਘ ਲਈ ਮੰਦੀ ਸ਼ਬਦਾਵਲੀ ਵਰਤਣੀ ਕੋਈ ਚੰਗੀ ਗੱਲ ਨਹੀਂ। ਸਾਡਾ ਇੱਥੇ ਉਦਾਹਰਨ ਦੇਣ ਦਾ ਅਸਲ ਮਕਸਦ ਸਿੱਖ ਗੁਰੂਆਂ ਜਾਂ ਵੱਡੀਆਂ ਹਸਤੀਆਂ ਨੂੰ ਟਿੱਚਰਾਂ ਕਰਨ ਵਾਲੀਆਂ ਤੁਕਬੰਦੀਆਂ ਜਾਂ ਲਿਖਤਾਂ ਨੂੰ ਵਿਚਾਰਾਂ ਦੀ ਆਜ਼ਾਦੀ ਦੱਸ ਕੇ ਡਿਫੈਂਡ ਕਰਨ ਵਾਲੇ ਮਿੱਤਰਾਂ ਦੇ ਟੋਲੇ ਦੇ ਦੰਭ ਨੂੰ ਨੰਗਾ ਕਰਨਾ ਹੈ। ਆਪ ਕੁਝ ਵੀ ਲਿਖਣ ਬੋਲਣ ਲਈ ਆਜ਼ਾਦ ਇਹ ਲਾਣਾ 22 ਕੁ ਸਾਲ ਪਹਿਲਾਂ ਸਿਰਦਾਰ ਕਪੂਰ ਸਿੰਘ ਦੀ ਕਿਤਾਬ ਸਾਚੀ ਸਾਖੀ ਸਾੜਨ ਤੱਕ ਗਿਆ ਹਾਲਾਂਕਿ ਉਸ ਵਿਚ ਭਗਤ ਸਿੰਘ ਦੇ ਹੌਂਸਲੇ ਆਦਿ ਦੀ ਪ੍ਰਸੰਸਾ ਕੀਤੀ ਗਈ ਸੀ ਪਰ ਸ਼ਹਾਦਤ ਦੇ ਸੰਕਲਪ ਦੀ ਸਿਧਾਂਤਕ ਵਿਆਖਿਆ ਕੀਤੀ ਗਈ ਸੀ। ਜੇ ਕੋਈ ਉਸ ਕਿਤਾਬ ਨਾਲ ਅਸਹਿਮਤ ਵੀ ਹੈ ਤਾਂ ਉਸਨੂੰ ਸਾੜਨ ਤੱਕ ਜਾਣਾ ਕਿਵੇਂ ਜਾਇਜ਼ ਹੈ ?
ਸੰਨ 2000 ਵਿਚ ਹੋਈ ਬਹਿਸ ਦੌਰਾਨ ਭਗਤ ਸਿੰਘ ਦੇ ਪੈਰੋਕਾਰ ਕਹਾਉਣ ਵਾਲਿਆਂ ਨੇ ਵਿਦਵਤਾ ਨਾਲੋਂ ਵਿਚਾਰਧਾਰਕ ਦਾਬੇ ਅਤੇ ਭੀੜ ਦੇ ਰੌਲੇ ਦੀ ਵਰਤੋਂ ਜ਼ਿਆਦਾ ਕੀਤੀ ਸੀ। ਇਸ ਦਾਬੇ ਦੀ ਵਰਤੋਂ ਉਦੋਂ ਹੋ ਰਹੀ ਸੀ ਜਦੋ ਸਿੱਖ ਹਿੰਦੂਤਵੀ ਨੀਤੀ ਵਾਲੇ ਹਕੂਮਤੀ ਜ਼ਬਰ ਦੇ ਝੰਭੇ ਹੋਏ ਸਨ। ਕੀ ਵਿਚਾਰਾਂ ਦੀ ਆਜ਼ਾਦੀ ਸਿਰਫ ਇਕੋ ਵਿਚਾਰਧਾਰਕ ਧਿਰ ਲਈ ਹੈ?
1997 ਵਿਚ ਜਦੋਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਬੈੱਥ ਨੇ ਦਰਬਾਰ ਸਾਹਿਬ ਆਉਣਾ ਸੀ ਤਾਂ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨੇ ਰੌਲਾ ਪਾ ਲਿਆ ਕਿ ਉਹ ਹੁਸੈਨੀਵਾਲੇ ਵੀ ਜਾਵੇ। ਕਿਉਂ, ਅੰਗਰੇਜ਼ ਕਾਲ ‘ਚ ਸਿਰਫ ਉਹ ਤਿੰਨ ਹੀ ਫਾਹੇ ਲੱਗੇ ਸਨ ? ਇਸ ਮੰਗ ਵਿੱਚੋ ਬਾਕੀ ਸਾਰੇ ਫਾਹੇ ਲੱਗਣ ਵਾਲਿਆਂ ਨੂੰ ਦੂਜੇ ਦਰਜੇ ਦੇ ਸਮਝਣ ਦੀ ਮਾਨਸਿਕਤਾ ਸਪੱਸ਼ਟ ਨਜ਼ਰ ਆਉਂਦੀ ਹੈ। ਜਗਮੋਹਨ ਸਿੰਘ ਦਾ ਅਸਲੀ ਮਕਸਦ ਸਿਰਫ਼ ਉਸ ਦੇ ਦਰਬਾਰ ਸਾਹਿਬ ਜਾਣ ਨੂੰ ਕਿਸੇ ਨਾ ਕਿਸੇ ਬਹਾਨੇ ਰੋਕਣਾ ਸੀ ਤੇ ਉਸ ਵੇਲੇ ਹੋਰ ਵੱਡੀਆਂ ਤਾਕਤਾਂ ਵੀ ਇਸ ਕੰਮ ਲਈ ਲੱਗੀਆਂ ਹੋਈਆਂ ਸਨ, ਸਮੇਤ ਭਾਰਤ ਸਰਕਾਰ ਦੇ ਸਿਖਰਲੇ ਹਿੱਸਿਆਂ ਦੇ।
ਇਹ ਸਿੱਖਾਂ ਨਾਲ ਨੰਗੀ ਚਿੱਟੀ ਸ਼ਰੀਕੇਬਾਜ਼ੀ ਨਹੀਂ ਤਾਂ ਹੋਰ ਕੀ ਸੀ ?
ਭਾਵੇਂ ਕਿ ਜਗਮੋਹਨ ਸਿੰਘ ਜ਼ਮਹੂਰੀ ਅਧਿਕਾਰ ਸਭਾ ਚਲਾਉਂਦਾ ਹੈ ਤੇ ਮੁਲਕ ਵਿੱਚ ਵੱਖ ਵੱਖ ਥਾਵਾਂ ਉਤੇ ਖੱਬੇ ਪੱਖੀ ਕਾਰਕੁਨਾਂ ਜਾਂ ਹੋਰਾਂ ਨਾਲ ਹੁੰਦੇ ਪੁਲਸੀਆ ਧੱਕੇ ਵਿਰੁੱਧ ਉਸ ਦੀ ਸੰਸਥਾ ਬੋਲਦੀ ਹੈ ਪਰ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਦੇ ਮਾਮਲੇ ਵਿਚ ਇਨ੍ਹਾਂ ਦੀ ਸਲੇਟ ਤਕਰੀਬਨ ਸਾਫ਼ ਹੀ ਹੈ। ਕੀ ਇਹ ਵਾਕਈ ਭਗਤ ਸਿੰਘ ਦੀ ਵਿਰਾਸਤ ਹੈ ? ਜੇ ਜਵਾਬ ਹਾਂ ਵਿੱਚ ਹੈ ਤਾਂ ਫਿਰ ਸੁਆਲਾਂ ਦੇ “ਭਗਤ ਸਿੰਘ ਦੀ ਵਿਚਾਰਧਾਰਾ” ਤੱਕ ਜਾਣ ਲਈ ਕੌਣ ਜਿੰਮੇਵਾਰ ਹੋਵੇਗਾ ?
ਕਈ ਤਰਕਸ਼ੀਲਤਾ ਦੇ ਠੇਕੇਦਾਰ ਜਿਹੜੇ ਵੈਸੇ ਬੜੇ ਮਾਣ ਨਾਲ ਮਿੱਥਾਂ ਤੋੜਦੇ ਨੇ, ਇਸ ਗੱਲ ਉਤੇ ਬਿਲਕੁਲ ਕੋਈ ਤਰਕ ਕਰਨ ਨੂੰ ਤਿਆਰ ਨਹੀਂ ਕਿ ਜੇ ਸੱਚੀ ਤਰਕਸ਼ੀਲ ਨਜ਼ਰ ਨਾਲ ਵੇਖਿਆ ਜਾਵੇ ਤਾਂ ਕਾਫੀ ਜਿਆਦਾ ਸੰਭਾਵਨਾ ਹੈ ਕਿ ਭਗਤ ਸਿੰਘ ਦੇ ਖਾਤੇ ਪਾਈਆਂ ਸਾਰੀਆਂ ਲਿਖਤਾਂ ਉਸ ਦੀਆਂ ਨਹੀਂ ਹਨ। ਇਨ੍ਹਾਂ ਲਿਖਤਾਂ ਦੇ ਸਰੋਤਾਂ ਅਤੇ ਉਨ੍ਹਾਂ ਸਰੋਤਾਂ ਦੀ ਭਰੋਸੇਯੋਗਤਾ ਬਾਰੇ ਇਹ ਕੋਈ ਤਰਕ ਸੁਣਨ ਜਾਂ ਪੜ੍ਹਨ ਨੂੰ ਤਿਆਰ ਨਹੀਂ, ਜੇ ਕੋਈ ਕਰੇ ਤਾਂ ਜੁਆਬ ‘ਚ ਫਤਵੇ। ਘੱਟੋ ਘੱਟ ਇਸ ਵਿਦਵਤਾ ਵਾਲੇ ਮਸਲੇ ‘ਤੇ ਤਾਂ ਖੁੱਲੀ ਵਿਚਾਰ ਹੋ ਸਕਦੀ ਹੈ। ਜੇ ਇਸ ਸਾਰੇ ਕੁਝ ਦੁਆਲੇ ਵਾਕਈ ਤਰਕ ਅਤੇ ਸੰਜੀਦਗੀ ਨਾਲ ਵਿਚਾਰ ਹੋਵੇ ਤਾਂ ਕਈ ਮਿੱਥਾਂ ਟੁੱਟਣ ਦਾ ਖਤਰਾ ਹੈ। ਪਰ ਸਵਾਲ ਇਹ ਹੈ ਕਿ ਭਗਤ ਸਿੰਘ ਦੁਆਲੇ ਕਈ ਮਿੱਥਾਂ ਘੜਣ ਦਾ ਅਸਲੀ ਫਾਇਦਾ ਕਿਸਨੂੰ ਹੁੰਦਾ ਹੈ? ਕੀ ਭਗਤ ਸਿੰਘ ਨੂੰ ਕਿਸੇ ਮਿੱਥ ਦੀ ਲੋੜ ਹੈ?
Add a Comment